‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ


ਗਿਆਨੀ ਗੁਰਦਿੱਤ ਸਿੰਘ ਪਟਿਆਲਾ ਵਿਖੇ ਗਿਆਨ ਸਿੰਘ ਰਾੜੇਵਾਲਾ ਨਾਲ
ਕੇਵਲ ਪੰਜਾਬੀਆਂ ਵਿੱਚ ਹੀ ਨਹੀਂ ਸਾਰੇ ਸਮਾਜ ਵਿੱਚ ਇਹ ਘਾਟ ਹੈ ਕਿ ਜੋ ਕੋਈ ਅਦੁੱਤੀ ਸੇਵਾ ਕਰ ਜਾਵੇ ਅਸੀਂ ਉਸਨੂੰ ਛੇਤੀ ਭੁੱਲ ਜਾਂਦੇ ਹਾਂ। ਅੱਜ ਮੈਨੂੰ ਯਾਦ ਆ ਰਿਹਾ ਹੈ ਕਿ ਗਿਆਨੀ ਗੁਰਦਿੱਤ ਸਿੰਘ ਨੇ ਆਪਣੇ ਜੀਵਨ ਵਿੱਚ ਕੀ ਨਹੀਂ ਕੀਤਾ ਜਿਸ ਦਾ ਪ੍ਰਭਾਵ ਹਰ ਖੇਤਰ ਵਿੱਚ ਨਾ ਪਿਆ ਹੋਵੇ। ਸੰਨ 1947 ਵਿੱਚ ਭਾਰਤ ਆਜ਼ਾਦ ਹੋਇਆ ਤੇ ਪੰਜਾਬ ਦਾ ਬਟਵਾਰਾ ਹੋਇਆ, ਮੇਰਾ ਪਰਿਵਾਰ ਆਪਣੇ ਪਿੰਡ ਢੁਡਿਆਲ ਤੋਂ ਉਜੜ ਕੇ ਪਟਿਆਲਾ ਆ ਵਸਿਆ। ਮੇਰੀ ਰੁਚੀ ਆਰੰਭ ਤੋਂ ਹੀ ਧਾਰਮਿਕ ਕੰਮਾਂ ਤੋਂ ਅੱਗੇ ਚੱਲ ਕੇ ਰਾਜਸੀ ਖੇਤਰ ਵਿੱਚ ਵਧੇਰੇ ਸੀ। ਮੈਂ ਮਹਿੰਦਰਾ ਕਾਲਜ ਪਟਿਆਲਾ ਵਿੱਚ ਸੰਨ 1947 ਵਿੱਚ ਦਾਖਲ ਹੋਇਆ। ਉੱਥੇ ਪ੍ਰਿੰਸੀਪਲ ਪ੍ਰੋ. ਤੇਜਾ ਸਿੰਘ ਸਨ ਜੋ ਪੋਠੋਹਾਰ ਤੋਂ ਆਏ ਸਨ। ਉਨ੍ਹਾਂ ਦੀ ਕੋਠੀ ਕਾਲਜ ਦੇ ਨਾਲ ਹੀ ਸੀ। ਉੱਥੇ ਆਮ ਕਰਕੇ ਇੱਕ ਨੌਜਵਾਨ ਪਤਲਾ ਦੁਬਲਾ ਸਰਦਾਰ ਸਾਈਕਲ ’ਤੇ ਆਉਂਦਾ ਅਤੇ ਸਿੱਧਾ ਉਨ੍ਹਾਂ ਦੇ ਘਰ ਚਲਿਆ ਜਾਂਦਾ। ਮੇਰੇ ਲਈ ਕੀ, ਹਰ ਵਿਦਿਆਰਥੀ ਲਈ ਹੀ ਇਹ ਬਹੁਤ ਅਚੰਭੇ ਵਾਲੀ ਗੱਲ ਹੁੰਦੀ ਸੀ। ਮੈਨੂੰ ਪਤਾ ਲੱਗਿਆ ਕਿ ਉਹ ਗਿਆਨੀ ਗੁਰਦਿੱਤ ਸਿੰਘ ਹੈ ਅਤੇ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੇ ਘਰ ਰਹਿੰਦਾ ਹੈ। ਮੇਰੇ ਵਰਗੇ ਇੱਕ ਸਾਧਾਰਨ ਵਿਦਿਆਰਥੀ ਜੋ ਗ਼ਰੀਬੀ ਦੀ ਹੇਠਲੀ ਸਤ੍ਹਾ ਵਿੱਚ ਸੀ, ਇਹ ਇੱਕ ਖੋਜ ਕਰਨ ਵਾਲੀ ਸਮੱਸਿਆ ਲੱਗੀ ਕਿ ਗਿਆਨੀ ਗੁਰਦਿੱਤ ਸਿੰਘ ਜੋ ਦਿੱਖ ਤੋਂ ਆਪਣੇ ਵਰਗਾ ਲੱਗਿਆ ਕਿਵੇਂ ਮੁੱਖ ਮੰਤਰੀ ਤੇ ਪ੍ਰਿੰਸੀਪਲ ਨਾਲ ਇੰਨੀ ਨੇੜਤਾ ਰੱਖਦਾ ਹੈ।

ਮੈਂ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਰਗਰਮ ਮੈਂਬਰ ਬਣ ਗਿਆ ਜਿਸ ਕਾਰਨ ਮੇਰੀ ਜਾਣ-ਪਛਾਣ ਵਧ ਗਈ। ਪਤਾ ਲੱਗਾ ਕਿ ਇਹ ਸਾਧਾਰਨ ਲੱਗਣ ਵਾਲਾ ਸਾਈਕਲ ਸਵਾਰ ਬੜਾ ਵਿਦਵਾਨ ਹੈ। ਹੌਲੀ-ਹੌਲੀ ਮੇਰੀ ਵਾਕਫ਼ੀ ਵਧਣ ਲੱਗੀ। ਮੈਂ ਅਕਾਲੀ ਲੀਡਰ ਕਰਤਾਰ ਸਿੰਘ ਦੀਵਾਨਾ ਦੇ ਨੇੜੇ ਹੋ ਗਿਆ। ਸਾਰੇ ਲੀਡਰ ਅਤੇ ਖ਼ਾਸ ਕਰਕੇ ਜਥੇਦਾਰ ਪ੍ਰੀਤਮ ਸਿੰਘ ਨਾਲ ਮੇਰੇ ਸਬੰਧ ਜੁੜ ਗਏ। ਦੋ ਸਾਲਾਂ ਵਿੱਚ ਮੈਂ ਸਾਰੀ ਅਕਾਲੀ ਲੀਡਰਸ਼ਿਪ ਨੂੰ ਜਾਣਨ ਲੱਗਿਆ ਤੇ ਗਿਆਨ ਸਿੰਘ ਰਾੜੇਵਾਲਾ ਤਕ ਪੁੱਜ ਗਿਆ। ਗਿਆਨੀ ਗੁਰਦਿੱਤ ਸਿੰਘ ਬੜੇ ਸਾਧਾਰਨ ਪਰਿਵਾਰ ਵਿੱਚ ਸੰਨ 1923 ਵਿੱਚ ਬਰਨਾਲੇ ਦੇ ਨੇੜੇ ਪਿੰਡ ਮਿੱਠੇਵਾਲ ਵਿੱਚ ਪੈਦਾ ਹੋਏ ਸਨ। ਰੱਬ ਨੇ ਇਸ ਨੂੰ ਅਕਲ ਦਾ ਦਾਨ ਦੇ ਕੇ ਹੀ ਪੈਦਾ ਕੀਤਾ ਸੀ। ਇਨ੍ਹਾਂ ਨੇ ਰਾਗਮਾਲਾ ਵਿਰੁੱਧ 20 ਸਾਲ ਤੋਂ ਵੀ ਘੱਟ ਉਮਰ ਵਿੱਚ ਇੱਕ ਮੁਹਿੰਮ ਚਲਾ ਦਿੱਤੀ ਸੀ। ਉਹ ਇਸੇ ਕਾਰਨ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਨੇੜੇ ਹੋ ਗਏ ਕਿਉਂਕਿ ਉਨ੍ਹਾਂ ਦਾ ਜਥਾ ਵੀ ‘ਰਾਗਮਾਲਾ’ ਪੜ੍ਹਨ ਦੇ ਵਿਰੁੱਧ ਸੀ। ਇਸ ਕਾਰਨ ਰਾਗਮਾਲਾ ਦੇ ਹੱਕ ਵਿੱਚ ਖੜ੍ਹਨ ਵਾਲੇ ਬੜੇ ਤਿਲਮਲਾਏ ਤੇ ਗਿਆਨੀ ਜੀ ’ਤੇ ਹਿੰਸਾ ਦਾ ਡਰ ਪੈ ਗਿਆ। ਭਾਈ ਰਣਧੀਰ ਸਿੰਘ ਉਨ੍ਹਾਂ ਨੂੰ ਸ੍ਰੀ ਰਾੜੇਵਾਲਾ ਕੋਲ ਲੈ ਆਏ ਤੇ ਇਸ ਦੀ ਲਿਆਕਤ ਬਾਰੇ ਦੱਸ ਆਏ। ਰਾੜੇਵਾਲਾ ਜੀ ਨੇ ਕੋਠੀ ਦੇ ਪਿਛਲੇ ਕਮਰੇ ਵਿੱਚ ਇਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰ ਦਿੱਤਾ। ਕਈ ਸਾਲ ਉਹ ਉੱਥੇ ਰਹੇ।

ਜਦ ਪੰਜਾਬ ਵੰਡਿਆ ਗਿਆ ਤਾਂ ਸਾਰੇ ਸਿੱਖ ਵਿਦਵਾਨ, ਸੰਤ, ਪ੍ਰੋਫੈਸਰ, ਜੱਜ, ਵਕੀਲ ਅਤੇ ਸਾਹਿਤਕਾਰ ਉਜੜ ਕੇ ਪੰਜਾਬ ਦੇ ਵੱਖੋ-ਵੱਖਰੇ ਸ਼ਹਿਰਾਂ ਵਿੱਚ ਪੁੱਜ ਗਏ। ਗਿਆਨੀ ਗੁਰਦਿੱਤ ਸਿੰਘ ਨੇ ਰਾੜੇਵਾਲਾ ਸਾਹਿਬ ਨੂੰ ਪ੍ਰੇਰਿਆ ਕਿ ਉਹ ਇਨ੍ਹਾਂ ਸਾਰਿਆਂ ਨੂੰ ਪਟਿਆਲੇ ਲੈ ਕੇ ਆਉਣ ਤਾਂ ਜੋ ਇਹ ਸ਼ਹਿਰ ਇਨ੍ਹਾਂ ਕਰਕੇ ਧਰਮ, ਸਾਹਿਤ ਤੇ ਸਮਾਜ ਦਾ ਕੇਂਦਰ ਬਣ ਜਾਵੇ। ਰਾੜੇਵਾਲਾ ਸਾਹਿਬ ਆਪ ਬੜੇ ਧਾਰਮਿਕ ਅਤੇ ਅਕਾਦਮਿਕ ਰੁਚੀ ਵਾਲੇ ਸਨ। ਉਨ੍ਹਾਂ ਨੇ ਗਿਆਨੀ ਜੀੇ ਨਾਲ ਜਾ ਕੇ ਸਭ ਨੂੰ ਬੇਨਤੀ ਕੀਤੀ ਤੇ ਕਈ ਹਸਤੀਆਂ ਪਟਿਆਲੇ ਆ ਗਈਆਂ। ਇਨ੍ਹਾਂ ਵਿੱਚ ਸੰਤ ਕੰਬਲੀ ਵਾਲੇ, ਸੰਤ ਪ੍ਰੇਮ ਸਿੰਘ ਤਰਬਾਦ (ਕਬਾਇਲੀ) ਵਾਲੇ, ਮਾਈ ਅਕੋੜੇ ਵਾਲੀ, ਬਾਵਾ ਪ੍ਰੇਮ ਸਿੰਘ ਹੋਤੀ, ਡਾਕਟਰ ਗੰਡਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਜਸਟਿਸ ਤੇਜਾ ਸਿੰਘ ਅਤੇ ਕਥਾ ਵਾਚਕ, ਕੀਰਤਨੀਏ ਲੇਖਕ ਲਾਲ ਸਿੰਘ ਆਦਿ ਸਨ।

ਸਿੱਖ ਐਜੂਕੇਸ਼ਨ ਕਾਨਫਰੰਸ ਪਟਿਆਲੇ ਕਰਵਾਈ ਗਈ ਜਿੱਥੇ ਭਾਈ ਵੀਰ ਸਿੰਘ ਵੀ ਸੁਸ਼ੋਭਤ ਸਨ। ਇੱਕ ਸੰਤ ਸਮਾਗਮ ਵੀ ਪਟਿਆਲੇ ਵਿਖੇ ਹੋਇਆ। ਗਿਆਨੀ ਗੁਰਦਿੱਤ ਸਿੰਘ ਦੀ ਸੋਚ ਸ਼ਕਤੀ ਨੇ ਇਹ ਅਚੰਭਾ ਕਰ ਵਿਖਾਇਆ। ਪਟਿਆਲੇ ਵਿੱਚ ਰੋਜ਼ਾਨਾ ਪੰਜਾਬੀ ਅਖ਼ਬਾਰ ‘ਪ੍ਰਕਾਸ਼’ ਸੰਨ 1951 ਵਿੱਚ ਆਰੰਭ ਕੀਤਾ ਗਿਆ ਅਤੇ ਬਾਅਦ ਵਿੱਚ ਇਸਨੂੰ ਉਰਦੂ ਵਿੱਚ ਵੀ ਪ੍ਰਕਾਸ਼ਤ ਕੀਤਾ। ਕਰਮ ਸਿੰਘ ਜ਼ਖ਼ਮੀ, ਸੂਬਾ ਸਿੰਘ ਆਦਿ ਚੋਟੀ ਦੇ ਪੱਤਰਕਾਰ ਉੱਥੇ ਬਿਠਾ ਦਿੱਤੇ। ਮਾਤਾ ਸਾਹਿਬ ਕੌਰ ਦਲ ਬਣਵਾਇਆ ਤਾਂ ਜੋ ਪਾਕਿਸਤਾਨ ਤੋਂ ਆਈਆਂ ਬੀਬੀਆਂ ਦੀ ਸੰਭਾਲ ਹੋਵੇ। ਸਰਦਾਰਨੀ ਮਨਮੋਹਨ ਕੌਰ ਸੁਪਤਨੀ ਸ੍ਰੀ ਰਾੜੇਵਾਲਾ ਨੂੰ ਪ੍ਰਧਾਨ ਬਣਾਇਆ, ਪ੍ਰੋ. ਇੰਦਰਜੀਤ ਕੌਰ ਜੋ ਪਿੱਛੇ ਜਾ ਕੇ ਗਿਆਨੀ ਗੁਰਦਿੱਤ ਸਿੰਘ ਦੀ ਧਰਮ ਪਤਨੀ ਬਣੀ, ਇਸ ਸੰਸਥਾ ਦੇ ਸੰਚਾਲਕ ਸਨ। ਸ. ਰਾੜੇਵਾਲਾ ਰਾਹੀਂ ਪੈਪਸੂ ਵਿੱਚ ਭਾਸ਼ਾ ਵਿਭਾਗ ਬਣਾਇਆ। ਪੰਜਾਬੀ ਦੇ ਲੇਖਕਾਂ, ਕਵੀਆਂ, ਪੱਤਰਕਾਰਾਂ ਨੂੰ ਇਨਾਮ ਦੇਣ ਦੀ ਪਰੰਪਰਾ ਚਲਾਈ। ਸ੍ਰੀ ਰਾੜੇਵਾਲਾ ਨੇ 1966 ਵਿੱਚ ਗਿਆਨੀ ਜੀ ਨੂੰ ਪੰਜਾਬ ਵਿੱਚ ਐਮਐਲਸੀ ਬਣਵਾ ਦਿੱਤਾ ਤੇ 6 ਸਾਲ ਇਨ੍ਹਾਂ ਨੂੰ ਇਹ ਸੇਵਾ ਮਿਲੀ।

ਪੰਜਾਬ ਵਿੱਚ ਉਹ ਪ੍ਰਤਾਪ ਸਿੰਘ ਕੈਰੋਂ ਦੇ ਨੇੜੇ ਸਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਇਨ੍ਹਾਂ ਦਾ ਬੜਾ ਨਿੱਘ ਸੀ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਹੇ। ਬਾਬਾ ਮੋਹਨ ਜੀ ਦੀਆਂ ਦੋਵੇਂ ਪੋਥੀਆਂ ਬਾਰੇ ਪੂਰੀ ਖੋਜ ਕਰਕੇ ਥੀਸਿਸ ਲਿਖਿਆ। ਬਾਵਾ ਭਗਤ ਸਿੰਘ ਭੱਲਾ ਕੋਲ ਇੱਕ ਪੋਥੀ ਪਿੰਜੌਰ ਵਿੱਚ ਸੀ। ਦਮਦਮਾ ਸਾਹਿਬ ਨੂੰ ਪੰਜਵਾਂ ਤਖ਼ਤ ਬਣਾਉਣ ਦਾ ਟੀਚਾ ਮਿੱਥਿਆ ਤੇ ਕਾਮਯਾਬ ਹੋਏ। ਅੱਜ ਸਿੱਖ ਅਰਦਾਸ ਵਿੱਚ ਇਸ ਤਖ਼ਤ ਦਾ ਨਾਂ ਹਰਿਮੰਦਰ ਸਾਹਿਬ ਸਮੇਤ ਹਰ ਗੁਰਦੁਆਰਾ ਸਾਹਿਬ ਵਿੱਚ ਲਿਆ ਜਾਂਦਾ ਹੈ। ਭਾਈ ਸਾਹਿਬ ਬਾਗੜੀਆਂ ਦੇ ਘਰ ਸਬੰਧੀ ਖੋਜ ਕੀਤੀ। ਭਾਈ ਰੂਪਾ ਵਿਖੇ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ। ਆਪ ਦੇ ਜੀਵਨ ਦਾ ਸਭ ਤੋਂ ਵੱਡਾ ਕੰਮ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਸਾਰੇ ਭਗਤਾਂ ਦੇ ਜੀਵਨ ’ਤੇ ਖੋਜ ਹੈ। ਇਸ ਵਿੱਚ ਭਗਤ ਦਾ ਗੁਰੂਆਂ ਨਾਲ ਸਬੰਧ, ਬਾਣੀ ਕਿਵੇਂ ਇਕੱਠੀ ਹੋਈ ਦਾ ਬਿਰਤਾਂਤ ਛਪਿਆ। ‘ਮੁੰਦਾਵਣੀ’ ਬਾਰੇ ਭਰਪੂਰ ਖੋਜ ਕਰਕੇ ਸਾਬਤ ਕੀਤਾ ਕਿ ਗੁਰੂ ਗਰੰਥ ਸਾਹਿਬ ਵਿੱਚ ਦੇ ਅਖੀਰ ਵਿੱਚ ਦਰਜ ‘ਰਾਗਮਾਲਾ’ ਰਚਨਾ ਗੁਰੂ ਸਾਹਿਬ ਨੇ ਦਰਜ ਨਹੀਂ ਕੀਤੀ ਸਗੋਂ ਕਿਸੇ ਹੋਰ ਨੇ ਪਿੱਛੋਂ ਜਾ ਕੇ ਜੋੜ ਦਿੱਤੀ ਸੀ। ਧਾਰਮਿਕ ਕਿਤਾਬਾਂ ਡੂੰਘੀ ਖੋਜ ਕਰਕੇ ਪ੍ਰਕਾਸ਼ਤ ਕੀਤੀਆਂ।

ਸਾਹਿਤ ਦੇ ਖੇਤਰ ਵਿੱਚ ਮੇਰਾ ਪਿੰਡ ਲਿਖ ਕੇ ਇਤਿਹਾਸ ਰਚ ਦਿੱਤਾ। ਪ੍ਰਤਾਪ ਸਿੰਘ ਕੈਰੋਂ ਨੂੰ ਇਹ ਕਿਤਾਬ ਇੰਨੀ ਪਸੰਦ ਆਈ ਕਿ ਸਕੂਲਾਂ ਵਿੱਚ ਲਗਵਾ ਦਿੱਤੀ। ਅੱਜ ਤਕ ਇਸ ਕਿਤਾਬ ਦੇ ਐਡੀਸ਼ਨ ਛਪ ਰਹੇ ਹਨ। ਇਸ ਰਚਨਾ ਨੇ ਗਿਆਨੀ ਜੀ ਨੂੰ ਅਮਰ ਬਣਾ ਦਿੱਤਾ ਹੈ। ਕਸ਼ਮੀਰ ਗਏ ਤਾਂ ਉੱਥੇ ਕਵਿਤਾਵਾਂ ਲਿਖ ਦਿੱਤੀਆਂ। ਮੈਨੂੰ ਯਾਦ ਹੈ ਕਿ ਪਹਿਲੇ ਸਫੇ ’ਤੇ ਲਿਖਿਆ ਸੀ ‘ਇੱਕ ਕਸ਼ਮੀਰ ਤੇ ਦੂਜਾ ਕਵਿਤਾ, ਦੋ ਭਾਵਾਂ ਦੇ ਦੇਸ਼।’ ਰੱਬ ਨੇ ਸਾਹਿਤ ਰਚਣ ਦੀ ਕਿਆ ਸ਼ਕਤੀ ਦਿੱਤੀ ਸੀ। ਸਿੰਘ ਸਭਾ ਦੀ ਸ਼ਤਾਬਦੀ ਆਈ ਤਾਂ ਸ਼ਤਾਬਦੀ ਕਮੇਟੀ ਬਣਾਈ। ਸਾਬਕਾ ਸਪੀਕਰ ਹੁਕਮ ਸਿੰਘ ਨੂੰ ਪ੍ਰਧਾਨ ਤੇ ਆਪ ਜਨਰਲ ਸਕੱਤਰ ਬਣੇ। ਦਿੱਲੀ ਵਿੱਚ ਗੁਰੂ ਗਰੰਥ ਕੇਂਦਰ ਤੇ ਚੰਡੀਗੜ੍ਹ ਵਿੱਚ ਗੁਰੂ ਗਰੰਥ ਭਵਨ ਸਥਾਪਤ ਕੀਤੇ। ਸਿੰਘ ਸਭਾਵਾਂ ਨੂੰ ਮੁੜ ਖੜ੍ਹਾ ਕਰਨ ਦੀ ਇੱਕ ਲਹਿਰ ਆਰੰਭ ਕੀਤੀ। ਗਿਆਨੀ ਜ਼ੈਲ ਸਿੰਘ ਦੇ ਨਿਕਟਵਰਤੀ ਸਨ। ਉਹ ਹਮੇਸ਼ਾ ਇਨ੍ਹਾਂ ਦੀ ਸੰਗਤ ਕਰਨ ਦੇ ਇੱਛਕ ਸਨ। ਗੁਰੂ ਗੋਬਿੰਦ ਸਿੰਘ ਮਾਰਗ 1973 ਵਿੱਚ ਬਣਨ ਸਮੇਂ ਇਹ ਪੰਜ ਮੈਂਬਰੀ ਕਮੇਟੀ ਵਿੱਚ ਸਨ। ਮੈਂ ਉਸ ਕਮੇਟੀ ਦਾ ਮੈਂਬਰ ਸਕੱਤਰ ਸੀ। ਸਾਰੀ ਉਸਾਰੀ ਵਿੱਚ ਇਨ੍ਹਾਂ ਦਾ ਪੂਰਾ ਹੱਥ ਸੀ, ਉਹ ਗਿਆਨੀ ਜੀ ਨੂੰ ਭਗਤ ਕਬੀਰ ਦੇ ਮਠ, ਬਨਾਰਸ, ਭਗਤ ਰਵੀਦਾਸ ਦੇ ਸਥਾਨ ਅਤੇ ਨਾਮਦੇਵ ਦੇ ਜਨਮ ਅਸਥਾਨ ਪੰਡਰਪੁਰ ਲੈ ਕੇ ਗਏ।

ਗਿਆਨੀ ਗੁਰਦਿੱਤ ਸਿੰਘ ਸਾਰੀ ਉਮਰ ਕੌਮ ਲਈ ਕੁਝ ਕਰਨ ਦਾ ਉਪਰਾਲਾ ਕਰਦੇ ਰਹੇ। ਕਾਸ਼! ਸਾਡੀ ਕੌਮ ਵੀ ਸ਼ਰਧਾਲੂਆਂ ਦੀ ਸੇਵਾ ਦਾ ਮੁੱਲ ਪਾਵੇ ਪਰ ਇਹ ਪਰੰਪਰਾ ਘੱਟ ਹੈ। ਮੈਂ ਕਈ ਵਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਕਿ ਤਨਖਾਹ ਲਗਾਉਣ ਦੀਆਂ ਖ਼ਬਰਾਂ ਨਿੱਤ ਪੜ੍ਹਦੇ ਹਾਂ। ਚੰਗਾ ਹੋਵੇ ਜਿਨ੍ਹਾਂ ਨੇ ਅਦੁੱਤੀ ਸੇਵਾ ਕੀਤੀ ਹੈ, ਉਨ੍ਹਾਂ ਦਾ ਵੀ ਮਾਣ ਸਤਿਕਾਰ ਕਰੋ।

This article was published in Punjabi Tribune on October 21, 2012.