ਗਿਆਨੀ ਗੁਰਦਿੱਤ ਸਿੰਘ ਦੀਆਂ ਯਾਦਾਂ

Giani Gurdit Singh ji left us 10 years ago this day. Sardar Tarlochan Singh, a former Member of Parliament, is an old associate of Giani Gurdit Singh ji. They go way back. His article was published in Punjabi Tribune today.

ਗਿਆਨੀ ਗੁਰਦਿੱਤ ਸਿੰਘ ਦੀਆਂ ਯਾਦਾਂ
ਤਰਲੋਚਨ ਸਿੰਘ
ਸਾਲ 1952 ਵਿੱਚ ਭਾਰਤ ਦੀਆਂ ਆਮ ਚੋਣਾਂ ਹੋਈਆਂ। ਉਸ ਸਮੇਂ ਪੈਪਸੂ ਵੱਖਰੀ ਸਟੇਟ ਸੀ ਤੇ ਪਟਿਆਲਾ ਉਸ ਦੀ ਰਾਜਧਾਨੀ ਸੀ। ਮੈਂ ਕਾਲਜ ਪੜ੍ਹਦਾ ਸੀ। ਮੇਰੀ ਆਰੰਭ ਤੋਂ ਹੀ ਸਿਆਸਤ ਵਿੱਚ ਰੁਚੀ ਸੀ। ਮੈਂ ਦੇਖਿਆ ਕਿ ਇੱਕ ਪੰਜਾਬ ਅਖ਼ਬਾਰ ‘ਰੋਜ਼ਾਨਾ ਪ੍ਰਕਾਸ਼’ ਦੀ ਉਸ ਸਮੇਂ ਚਰਚਾ ਸੀ। ਮੇਰੇ ਕਾਲਜ ਜਾਣ ਦੇ ਰਸਤੇ ਵਿੱਚ ਨਹਿਰ ਦੇ ਕਿਨਾਰੇ ਇਸ ਦਾ ਦਫ਼ਤਰ ਸੀ। ਮੈਂ ਉੱਥੇ ਜਾ ਕੇ ਦੇਖਿਆ ਕਿ ਇੱਕ ਹਾਲ ਕਮਰੇ ਵਿੱਚ ਮਸ਼ੀਨਾਂ ਲੱਗੀਆਂ ਹਨ, ਆਟੋਮੈਟਿਕ ਛਪਾਈ ਹੋ ਰਹੀ ਹੈ। ਦਫ਼ਤਰ ਵਿੱਚ ਮੇਰੀ ਪਹਿਲੀ ਮੁਲਾਕਾਤ ਹੋਈ ਤੇ ਪਤਾ ਲੱਗਿਆ ਗਿਆਨੀ ਗੁਰਦਿੱਤ ਸਿੰਘ, ਜੋ ਇੱਕ ਨੌਜਵਾਨ ਤੇ ਪਤਲਾ-ਦੁਬਲਾ ਵਿਅਕਤੀ ਸੀ, ਉਸ ਦਾ ਐਡੀਟਰ ਹੈ। ਮੈਂ ਹਰ ਰੋਜ਼ ਉੱਥੇ ਜਾਣ ਲੱਗ ਪਿਆ ਅਤੇ ਮੇਰੀ ਗਿਆਨੀ ਜੀ ਨਾਲ ਨੇੜਤਾ ਹੋ ਗਈ। ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਸਨ ਤੇ ਉਹ ਗਿਆਨੀ ਗੁਰਦਿੱਤ ਸਿੰਘ ਦੇ ਕਦਰਦਾਨ ਸਨ। ਮੈਨੂੰ ਪਤਾ ਲੱਗਿਆ ਕਿ ਗਿਆਨੀ ਗੁਰਦਿੱਤ ਸਿੰਘ ਦੀ ਇੱਕ ਵਿਦਵਾਨ ਵਜੋਂ ਪਛਾਣ ਭਾਈ ਰਣਧੀਰ ਸਿੰਘ ਜੀ ਨੇ ਅਤੇ ਫਿਰ ਸਰਦਾਰ ਰਾੜੇਵਾਲਾ ਨੇ ਕੀਤੀ ਸੀ। ਸਭ ਤੋਂ ਪਹਿਲਾਂ ਗਿਆਨੀ ਜੀ ਰਾਗਮਾਲਾ ਦੇ ਵਿਵਾਦ ਤੋਂ ਉੱਭਰੇ ਸਨ। ਉਨ੍ਹਾਂ ਸਾਬਤ ਕੀਤਾ ਕਿ ਇਹ ਆਦਿ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਹੈ। ਛੋਟੀ ਉਮਰ ਵਿੱਚ ਉਨ੍ਹਾਂ ਦੀ ਇਹ ਖੋਜ ਇੱਕ ਅਚੰਭਾ ਸੀ। ਇਹ ਖੋਜ ਪਿੱਛੋਂ ਗਿਆਨੀ ਜੀ ਦੀ ਪ੍ਰਸਿੱਧ ਪੁਸਤਕ ‘ਮੁੰਦਾਵਣੀ’ ਦੇ ਰੂਪ ਵਿੱਚ ਪ੍ਰਕਾਸ਼ਿਤ ਹੋਈ ਸੀ। ‘ਮੁੰਦਾਵਣੀ’ ਦੇ ਵਿਰੋਧ ਕਾਰਨ ਕਈ ਵਾਰ ਗਿਆਨੀ ਜੀ ਨੂੰ ਵਿਰੋਧ ਵੀ ਝੱਲਣਾ ਪਿਆ। ਪੈਪਸੂ ਦੀਆਂ ਚੋਣਾਂ ਵਿੱਚ ਰਾੜੇਵਾਲਾ ਜਿੱਤ ਗਏ। ਅਖ਼ਬਾਰ ਬੜਾ ਕਾਮਯਾਬ ਹੋ ਗਿਆ। ਉੱਚ ਕੋਟੀ ਦੇ ਪੰਜਾਬੀ ਪੱਤਰਕਾਰ ਸੂਬਾ ਸਿੰਘ, ਪ੍ਰਕਾਸ਼ ਸਿੰਘ ਨੇਕੀ, ਕਰਮ ਸਿੰਘ ਜ਼ਖ਼ਮੀ, ਸਤਪਾਲ ਤੇ ਕਈ ਹੋਰ ਇਸ ਅਖ਼ਬਾਰ ਨਾਲ ਜੁੜੇ ਰਹੇ। ਸਰਦਾਰ ਰਾੜੇਵਾਲਾ ਨਾਲ ਸਾਂਝ ਸਦਕਾ ਗਿਆਨੀ ਗੁਰਦਿੱਤ ਸਿੰਘ 1956 ਵਿੱਚ ਐਮ.ਐਲ.ਸੀ. ਬਣ ਕੇ ਪੰਜਾਬ ਵਿਧਾਨ ਕੌਂਸਲ ਦੇ ਛੇ ਸਾਲ ਮੈਂਬਰ ਰਹੇ। ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨਾਲ ਵੀ ਉਨ੍ਹਾਂ ਦੀ ਨੇੜਤਾ ਰਹੀ।
ਗਿਆਨੀ ਗੁਰਦਿੱਤ ਸਿੰਘ ਦੇ ਦੋ ਰੂਪ ਮੈਂ ਦੇਖੇ: ਇੱਕ ਧਾਰਮਿਕ ਖੋਜੀ ਅਤੇ ਦੂਜਾ ਸਾਹਿਤਕਾਰ। ਇਨ੍ਹਾਂ ਦੋਵਾਂ ਵਿੱਚ ਹੀ ਉਨ੍ਹਾਂ ਨੇ ਸਿਖ਼ਰ ਦੀ ਸ਼ੋਹਰਤ ਕਮਾਈ ਸੀ। ਸਿੱਖ ਧਰਮ ਦੀ ਖੋਜ ਲਈ ਉਨ੍ਹਾਂ ਨੇ ਸਾਰਾ ਜੀਵਨ ਲਾਇਆ। ਪਟਿਆਲੇ ਵਿੱਚ ਜਿੰਨੇ ਸਿੱਖ ਵਿਦਵਾਨ ਤੇ ਲਿਖਾਰੀ ਇਕੱਠੇ ਹੋਏ; ਉਹ ਗਿਆਨੀ ਜੀ ਦੀ ਸਲਾਹ ’ਤੇ ਸਰਦਾਰ ਰਾੜੇਵਾਲਾ ਨੇ ਕੀਤੇ ਸਨ। ਪ੍ਰਿੰਸੀਪਲ ਤੇਜਾ ਸਿੰਘ ਨੂੰ ਮਹਿੰਦਰਾ ਕਾਲਜ ਵਿੱਚ ਉਨ੍ਹਾਂ ਲਿਆਂਦਾ ਤੇ ਉਨ੍ਹਾਂ ਨਾਲ ਸਾਂਝ ਪਾਈ। ਬਾਬਾ ਮੋਹਨ ਜੀ ਦੀਆਂ ਸੈਂਚੀਆਂ ਦੀ ਖੋਜ ਕੀਤੀ। ਗਿਆਨੀ ਜੀ ਨੇ ਸਾਰੇ ਭਗਤਾਂ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਦੇ ਡੇਰਿਆਂ ’ਤੇ ਜਾ ਕੇ ਖੋਜ ਕੀਤੀ। ਇਹ ਉਨ੍ਹਾਂ ਦਾ ਸਭ ਤੋਂ ਵੱਡਾ ਸ਼ਾਹਕਾਰ ਸੀ। ਪਹਿਲੀ ਵਾਰ ਭਗਤਾਂ ਦੇ ਜੀਵਨ ਅਤੇ ਬਾਣੀ ਕਿਵੇਂ ਅੰਮ੍ਰਿਤਸਾਰ ਪੁੱਜੀ, ਬਾਰੇ ਕਿਤਾਬਾਂ ਲਿਖੀਆਂ। ਸਿੱਖ ਕੌਮ ਨੂੰ ਉਨ੍ਹਾਂ ਦੀ ਇਹ ਅਦੁੱਤੀ ਦੇਣ ਸਦੀਵੀ ਹੈ। ‘ਮੇਰਾ ਪਿੰਡ’ ਕਿਤਾਬ ਨੇ ਤਾਂ ਤਰਥੱਲੀ ਮਚਾ ਦਿੱਤੀ। ਇਸ ਕਿਤਾਬ ਨੂੰ ਪੜ੍ਹ ਕੇ ਪਰਤਾਪ ਸਿੰਘ ਕੈਰੋਂ ਨੇ ਗਿਆਨੀ ਜੀ ਨੂੰ ਜੱਫੀ ਵਿੱਚ ਲੈ ਲਿਆ। ਇਸ ਕਿਤਾਬ ਨੂੰ ਕਾਲਜ ਸਿਲੇਬਸ ਵਿੱਚ ਲਾ ਦਿੱਤਾ। ਇਸ ਕਿਤਾਬ ਨੂੰ ਅਨੇਕਾਂ ਇਨਾਮ ਮਿਲੇ। ਪੰਜਾਬੀ ਸੱਭਿਆਚਾਰ ਦਾ ਇਹੋ-ਜਿਹਾ ਵਰਨਣ ਹਾਲੇ ਤਕ ਵੀ ਨਜ਼ਰ ਨਹੀਂ ਆਇਆ। ਗਿਆਨੀ ਗੁਰਦਿੱਤ ਸਿੰਘ ਨੇ ਲੋਕ ਸਭਾ ਦੇ ਸਾਬਕਾ ਸਪੀਕਰ ਹੁਕਮ ਸਿੰਘ ਨਾਲ ਮਿਲ ਕੇ ਸਿੰਘ ਸਭਾ ਸ਼ਤਾਬਦੀ ਕਮੇਟੀ ਦੀ ਸਥਾਪਨਾ ਕੀਤੀ। ਸਿੰਘ ਸਭਾ ਲਹਿਰ ’ਤੇ ਕੰਮ ਕੀਤਾ। ਚੰਡੀਗੜ੍ਹ ਵਿੱਚ ਸਿੰਘ ਸਭਾ ਦੀ ਆਲੀਸ਼ਾਨ ਬਿਲਡਿੰਗ ਬਣਵਾਈ। ਦਿੱਲੀ ਵਿੱਚ ਗੁਰੂ ਗ੍ਰੰਥ ਭਵਨ ਬਣਵਾਇਆ ਜੋ ਹਜ਼ਾਰਾਂ ਗ਼ਰੀਬ ਬੱਚਿਆਂ ਨੂੰ ਰੁਜ਼ਗਾਰ ਦੇ ਚੁੱਕਾ ਹੈ। ਗਿਆਨੀ ਜੀ ਅਣਥੱਕ ਸਨ, ਉਹ ਕਦੇ ਵਿਹਲੇ ਨਹੀਂ ਸੀ ਬੈਠੇ। ਹਰ ਸਮੇਂ ਖੋਜ ਤੇ ਲਿਖਣ ਵਿੱਚ ਜੁਟੇ ਰਹਿੰਦੇ ਸਨ। ਉਨ੍ਹਾਂ ਦਰਜਨਾਂ ਕਿਤਾਬਾਂ ਲਿਖੀਆਂ। ਕਵਿਤਾ ਵੀ ਲਿਖੀ। ਸਾਰੀ ਉਮਰ ਸਾਦਗੀ ਨੂੰ ਕਾਇਮ ਰੱਖਿਆ। ਉਨ੍ਹਾਂ ਦੀ ਪਤਨੀ ਡਾ. ਇੰਦਰਜੀਤ ਕੌਰ, ਪੰਜਾਬੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਬਣੀ।
tarlochan singhਗਿਆਨੀ ਜੀ ਦੀ ਨੇੜਤਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨਾਲ ਵੀ ਸੀ। ਉਹ ਵੀ ਇਨ੍ਹਾਂ ਦੇ ਕਦਰਦਾਨ ਸਨ। ਗਿਆਨੀ ਗੁਰਦਿੱਤ ਸਿੰਘ ਅਖ਼ੀਰ ਤਕ ‘ਪ੍ਰਕਾਸ਼’ ਅਖ਼ਬਾਰ ਛਾਪਦੇ ਰਹੇ। ਉਹ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਕਮੇਟੀ ਦੇ ਸਲਾਹਕਾਰ ਵੀ ਸਨ। ਹਰ ਸਮੇਂ ਸਿੱਖੀ ਖ਼ਾਤਿਰ ਉਹ ਹਾਜ਼ਰ ਰਹੇ। ਉਹ ਦੇਸ਼-ਵਿਦੇਸ਼ਾਂ ਵਿੱਚ ਲੈਕਚਰ ਕਰਨ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਲਈ ਉਨ੍ਹਾਂ ਇੱਕ ਮਿਸ਼ਨਰੀ ਵਜੋਂ ਕੰਮ ਕੀਤਾ। ਅੱਜ ਦੇ ਯੁੱਗ ਵਿੱਚ ਖੋਜ ਕਾਰਜ ਘਟ ਗਿਆ ਹੈ। ਅੱਜ ਲੋੜ ਹੈ ਕਿ ਗਿਆਨੀ ਜੀ ਦੇ ਕੀਤੇ ਕੰਮਾਂ ’ਤੇ ਸਾਰੇ ਕਾਲਜ ਵਿਦਿਆਰਥੀ ਧਿਆਨ ਦੇਣ ਤੇ ਸੇਧ ਲੈਣ। ਗਿਆਨੀ ਗੁਰਦਿੱਤ ਸਿੰਘ ਦੀ ਕੌਮ ਅਤੇ ਸਾਹਿਤ ਨੂੰ ਦੇਣ ਕਦੇ ਭੁਲਾਈ ਨਹੀਂ ਜਾ ਸਕਦੀ।
*ਲੇਖਕ ਸਾਬਕਾ ਐਮ.ਪੀ. ਹੈ।